ਕਰੋੜਸਿੰਘੀਆ (ਕਰੋੜੀਆ) ਮਿਸਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਰੋੜਸਿੰਘੀਆ (ਕਰੋੜੀਆ) ਮਿਸਲ: ਸਿੱਖਾਂ ਦੀਆਂ ਬਾਰ੍ਹਾਂ ਮਿਸਲਾਂ ਵਿਚੋਂ ਇਕ, ਜਿਸ ਦੇ ਪੂਰਬ ਰੂਪ ਨੂੰ ਜੱਥੇ ਵਜੋਂ ਸਰਦਾਰ ਸ਼ਾਮ ਸਿੰਘ ਨਾਰਲੀ ਨੇ ਸਥਾਪਿਤ ਕੀਤਾ ਅਤੇ ਸੰਨ 1739 ਈ. ਵਿਚ ਨਾਦਰ ਸ਼ਾਹ ਦੀ ਸੈਨਾ ਨਾਲ ਲੋਹਾ ਲਿਆ। ਇਸ ਤੋਂ ਬਾਦ ਕਰਮ ਸਿੰਘ ਉਪਲ ਜੱਥੇਦਾਰ ਬਣਿਆ ਜੋ ਸੰਨ 1748 ਈ. ਵਿਚ ਅਹਿਮਦ ਸ਼ਾਹ ਦੁਰਾਨੀ ਨਾਲ ਲੜਦਿਆਂ ਮਾਰਿਆ ਗਿਆ। ਉਸ ਤੋਂ ਬਾਦ ਕਰੋੜਾ ਸਿੰਘ ਬਰਕੀ ਵਾਲਾ ਜੱਥੇਦਾਰ ਬਣਿਆ। ਉਸੇ ਸਾਲ ਦਲ ਖ਼ਾਲਸਾ ਦੀ ਸਥਾਪਨਾ ਨਾਲ ਇਸ ਦੇ ਜੱਥੇ ਨੂੰ ਇਸ ਦੇ ਨਾਂ’ਤੇ ਹੀ ਕਰੋੜਸਿੰਘੀਆ ਮਿਸਲ ਕਿਹਾ ਜਾਣ ਲਗਾ। ਇਸ ਮਿਸਲ ਨੂੰ ਬੁੱਢਾ ਦਲ ਵਿਚ ਸ਼ਾਮਲ ਕੀਤਾ ਗਿਆ। ਇਸ ਮਿਸਲ ਦਾ ਅਧਿਕਾਰ ਖੇਤਰ ਅਧਿਕਤਰ ਹੁਸ਼ਿਆਰਪੁਰ ਦੇ ਜ਼ਿਲ੍ਹੇ ਵਿਚ ਰਿਹਾ।

            ਸੰਨ 1761 ਈ. ਵਿਚ ਕਰੋੜਾ ਸਿੰਘ ਦੀ ਮ੍ਰਿਤੂ ਤੋਂ ਬਾਦ ਅੰਮ੍ਰਿਤਸਰ ਜ਼ਿਲ੍ਹੇ ਦੇ ਝਬਾਲ ਪਿੰਡ ਦਾ ਬਘੇਲ ਸਿੰਘ ਧਾਲੀਵਾਲ ਇਸ ਮਿਸਲ ਦਾ ਸਰਦਾਰ ਬਣਿਆ। ਇਸ ਨੇ ਸਤਲੁਜ ਪਾਰ ਦੇ ਇਲਾਕਿਆਂ ਵਿਚ ਆਪਣੀ ਪ੍ਰਭੁਤਾ ਸਥਾਪਿਤ ਕੀਤੀ। ਕਰਨਾਲ ਆਦਿ ਨਗਰਾਂ ਨੂੰ ਜਿਤ ਕੇ ਇਸ ਨੇ ਫਰਵਰੀ 1764 ਈ. ਵਿਚ ਆਪਣੇ ਨਾਲ ਅਨੇਕ ਬਹਾਦਰ ਸਰਦਾਰਾਂ ਨੂੰ ਰਲਾ ਕੇ ਚਾਲੀ ਹਜ਼ਾਰ ਘੋੜਸਵਾਰਾਂ ਸਹਿਤ ਯਮਨਾ ਦਰਿਆ ਪਾਰ ਕੀਤਾ। ਸਹਾਰਨਪੁਰ ਉਤੇ ਕਬਜ਼ਾ ਕੀਤਾ ਅਤੇ ਨਜੀਬਉੱਦੋਲਾ ਦੀ ਰਿਆਸਤ ਨੂੰ ਖ਼ੂਬ ਲੁਟਿਆ ਅਤੇ ਯਾਰ੍ਹਾਂ ਲਖ ਰੁਪਏ ਨਜ਼ਰਾਨੇ ਵਜੋਂ ਵਸੂਲ ਕੀਤੇ। ਅਪ੍ਰੈਲ 1775 ਈ. ਵਿਚ ਨਜੀਬਉੱਦੋਲਾ ਤੋਂ ਬਾਦ ਉਸ ਦੇ ਪੁੱਤਰ ਜ਼ਾਬਿਤਾ ਖ਼ਾਨ ਉਤੇ ਹਮਲਾ ਕੀਤਾ। ਮਾਰਚ 1783 ਈ. ਵਿਚ ਦਿੱਲੀ ਉਤੇ 30 ਹਜ਼ਾਰ ਘੋੜਸਵਾਰਾਂ ਸਹਿਤ ਹਮਲਾ ਕਰਕੇ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜਾ ਨੂੰ ਜਿਤਿਆ ਅਤੇ ਲਾਲ ਕਿਲ੍ਹੇ ਵਿਚ ਦਾਖ਼ਲ ਹੋਇਆ। ਗੁਰੂ- ਧਾਮਾਂ ਦੀ ਨਿਸ਼ਾਨਦੇਹੀ ਅਤੇ ਉਸਾਰੀ ਦੀ ਸ਼ਰਤ ’ਤੇ ਮੁਗ਼ਲ ਬਾਦਸ਼ਾਹ ਨਾਲ ਅਹਿਦਨਾਮਾ ਹੋਇਆ ਅਤੇ ਗੁਰਦੁਆਰਿਆਂ ਦੀ ਉਸਾਰੀ ਤਕ ਬਘੇਲ ਸਿੰਘ 4000 ਘੋੜਸਵਾਰਾਂ ਸਹਿਤ ਦਿੱਲੀ ਵਿਚ ਟਿਕਿਆ ਰਿਹਾ।

            ਕਰੋੜਸਿੰਘੀਆ ਮਿਸਲ ਦੇ ਹੋਰ ਸਰਦਾਰਾਂ, ਜਿਵੇਂ ਕਿ ਮਤਾਬ ਸਿੰਘ ਦੇ ਪੁੱਤਰ ਸ. ਰਾਇ ਸਿੰਘ, ਕਲਸੀਆ ਪਿੰਡ ਦੇ ਸ. ਗੁਰਬਖ਼ਸ਼ ਸਿੰਘ , ਦੁਲਚਾ ਸਿੰਘ ਆਦਿ ਨੇ ਆਪਣੇ ਬਾਹੂਬਲ’ਤੇ ਬਹੁਤ ਸਾਰਾ ਇਲਾਕਾ ਜਿਤ ਕੇ ਆਪਣੀਆਂ ਆਪਣੀਆਂ ਸੁਤੰਤਰ ਰਿਆਸਤਾਂ ਬਣਾ ਲਈਆਂ। ਇਸ ਮਿਸਲ ਦਾ ਆਖ਼ਰੀ ਸ਼ਕਤੀਵਰ ਸਰਦਾਰ ਸ. ਗੁਰਬਖ਼ਸ਼ ਸਿੰਘ ਦਾ ਲੜਕਾ ਜੋਧ ਸਿੰਘ ਸੀ। ਉਸ ਨੇ ਅੰਬਾਲਾ ਜ਼ਿਲ੍ਹੇ ਵਲ ਆਪਣੀ ਰਿਆਸਤ ਦਾ ਵਿਸਤਾਰ ਕੀਤਾ ਅਤੇ ਛਛਰੌਲੀ ਨੂੰ ਆਪਣੀ ਰਾਜਧਾਨੀ ਬਣਾਇਆ। ਇਸ ਨੇ ਨਰਾਇਣਗੜ੍ਹ ਉਤੇ ਹਮਲਾ ਕਰਨ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਸਹਾਇਤਾ ਕੀਤੀ। ਮਹਾਰਾਜੇ ਨੇ ਇਸ ਨੂੰ ਕਈ ਜਾਗੀਰਾਂ ਦਿੱਤੀਆਂ। ਸੰਨ 1818 ਈ. ਵਿਚ ਇਹ ਮੁਲਤਾਨ ਦੀ ਲੜਾਈ ਵਿਚ ਮਾਰਿਆ ਗਿਆ। ਫਿਰ ਸੋਭਾ ਸਿੰਘ , ਲਹਿਣਾ ਸਿੰਘ, ਬਿਸ਼ਨ ਸਿੰਘ, ਜਗਜੀਤ ਸਿੰਘ, ਰਣਜੀਤ ਸਿੰਘ ਮਿਸਲਦਾਰ ਬਣੇ। ਸੰਨ 1948 ਈ. ਵਿਚ ਪੈਪਸੂ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਤਕ ਇਸ ਦਾ ਰਾਜਾ ਰਵੀਸ਼੍ਵਰ ਸਿੰਘ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 691, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.